Wednesday 29 July 2009

ਮੈਂ ਬਚਪਨ ਬੋਲਦਾ ਹਾਂ ਜੇ ਸੁਣ ਸਕਦੇ ਹੋ ਤਾਂ ਸੁਣੋ
ਕੁਝ ਰਾਜ਼ ਖੋਲਦਾ ਹਾਂ……ਤੁਸੀਂ ਮੈਨੂੰ ਕਦੇ ਕੋਰੀ ਸਲੇਟ
ਕਦੇ ਗਿਲੀ ਮਿੱਟੀ ਕਦੇ ਅੰਬਰ ਦਾ ਤਾਰਾ
ਕਦੇ ਚੰਨ ਦੀ ਟਿੱਕੀ ਕਦੇ ਬੀਬਾ ਰਾਣਾ
ਕਦੇ ਬੇਸਮਝ ਨਿਆਣਾ ਕਹਿ ਕੇ
ਮੇਰੇ ਅਬੋਲ ਸਫਿਆਂ ਤੇ ਜੋ ਚਾਹੇ ਲਿਖ ਦਿੰਦੇ ਹੋ…..
ਜੋ ਚਾਹੇ ਮਿਟਾ ਦਿੰਦੇ ਹੋ….ਜੋ ਚਾਹੇ ਬਣਾ ਦਿੰਦੇ ਹੋ…..
ਜੋ ਚਾਹੇ ਢਾਹ ਦਿੰਦੇ ਹੋ ਤੁਸੀਂ ਮੈਨੂੰ ਕਦੇ ਵੀ ਬਚਪਨ ਵਾਂਗ ਨਹੀਂ ਸਮਝਿਆ
ਧੜਕਦਾ….ਤੜਫ਼ਦਾ….ਸ਼ੂਕਦਾ…ਮਹਿਸੂਸਦਾ….
ਥਿਰਕਦਾ ਤੇ ਸਿਸਕਦਾ……
ਤੁਸੀਂ ਮੈਨੂੰ ਅਕਸਰ ਇੰਝ ਰਟਾਉਂਦੇ ਹੋ
ਜਿਵੇਂ ਮੈਂ ਤੋਤਾ ਹੁੰਦਾ ਹਾਂ….
ਮੇਰੇ ਤੇ ਲੱਦ ਦਿੰਦੇ ਹੋ ਗਿਆਨ ਦੀਆਂ ਪੰਡਾਂ
ਜਿਵੇਂ ਮੈਂ ਖੋਤਾ ਹੁੰਦਾ ਹਾਂ…..
ਮੈਂ ਤੁਹਾਡਾ ਬੋਝਾ ਢੋਂਦਾ-ਢੋਂਦਾ ਟੁੱਟ ਜਾਂਦਾ ਹਾਂ
ਕਿਉਂਕਿ ਮੈਂ ਤਾਂ ਅਜੇ ਬਹੁਤ ਛੋਟਾ ਹੁੰਦਾ ਹਾਂ…….
ਕਦੇ ਮੈਂ ਕੂੜੇ ਦੇ ਢੇਰ ‘ਚੋਂ ਆਪਣਾ ਭਵਿੱਖ ਤਲਾਸ਼ਦਾ
ਸਿਰਨਾਵਾਂ ਲੱਭਦਾ ਆਪ ਦਾ ਜੂਠੇ ਪਕਵਾਨਾਂ ਨਾਲ ਢਿੱਡ ਭਰਦਾ
ਸੂਰਾਂ ਤੇ ਕੁੱਤਿਆਂ ਨਾਲ ਲੜਦਾ ਜਾਂ ਤਾਂ ਬੇਨਾਮ ਹੋ ਜਾਂਦਾ ਹਾਂ
ਜਾਂ ਤਸਵੀਰ ਬਣ ਜਾਂਦਾ ਹਾਂ ਤੇ ਟੰਗਿਆ ਜਾਂਦਾ ਹਾਂ ਕੰਧ ਉੱਤੇ….
ਤੇ ਫੇਰ ਤੁਸੀਂ ਮੈਨੂੰ ਰੀਝ ਨਾਲ ਤੱਕਦੇ ਹੋ ਮੇਰੇ ਬਚਪਨ ਦੀਆਂ ਪੈੜਾਂ ਨੱਪਦੇ ਹੋ
ਦਾਦ ਦਿੱਦੇ ਹੋ ਸ਼ਾਬਾਸ਼ ਦਿੰਦੇ ਹੋ ਮੇਰਾ ਅਪਮਾਨ ਕਰਦੇ ਹੋ
ਤੇ ਮੁਸੱਵਰ ਦਾ ਸਨਮਾਨ ਕਰਦੇ ਹੋ
ਤੇ ਮੈਂ ਲੀਰਾਂ ਹੰਢਾਉਂਦਾ ਤਸਵੀਰਾਂ ਵਿਚ ਬਦਲ ਜਾਂਦਾ ਹਾਂ……….
ਕਦੇ ਮੈਂ ਹੁੰਦਾ ਹਾਂ ਮਾਸੂਮ ਕਲੀ
ਬੇਵਸੀ, ਹੌਂਕਿਆਂ ਤੇ ਤਰਲਿਆਂ ਵਿਚ ਪਲੀ਼……
ਗੋਹੇ ਦੇ ਬੱਠਲ ਚੁੱਕ ਸੜਕਾਂ ਦੇ ਪੱਥਰ ਕੁੱਟ
ਭੱਠੇ ਦੀਆਂ ਇੱਟਾਂ ਥੱਪਦੀ ਆਪਣੇ ਆਪੇ ਨੂੰ ਪੱਥਦੀ
ਸੜ ਸੁੱਕ ਜਾਂਦੀ ਹਾਂ ਮਰ ਮੁੱਕ ਜਾਂਦੀ ਹਾਂ
ਤੇ ਸਰਾਪਿਆ ਜਾਂਦਾ ਹੈ ਬਚਪਨ ……..
ਕਦੇ ਕਦੇ ਮੈਨੂੰ ਵੀ ਨਸੀਬ ਹੁੰਦੀ ਹੈ ਕਿਤਾਬ…..
ਮਿਲ ਜਾਂਦੀ ਹੈ ਕਲਮ……ਤੇ ਜਾਪਦਾ ਹੈ…..
ਹੁਣ ਮੈਂ ਝਰੀਟ ਲਵਾਂਗਾ
ਆਪਣੀ ਕਿਸਮਤ ਦੇ ਕੁੱਝ ਹਰਫ਼….ਪਰ ਫੇਰ
ਬਾਪੂ ਦੇ ਕਰਜ਼ੇ ਦਾ ਬੋਝਸ਼ਾਹ ਦੇ ਚੇਹਰੇ ਦਾ ਰੋਅਬ
ਆਪਣੀ ਇੱਜ਼ਤ ਬਚਾਉਂਦੀ ਮਾਂ ਦੀ ਸ਼ਰਮ ਖੋਹ ਲੈਂਦੀ ਹੈ ਕਲਮ
ਤੇ ਬੰਦ ਹੋ ਜਾਂਦੀ ਹੈ ਮੇਰੇ ਸੁਪਨਿਆਂ ਦੀ ਕਿਤਾਬ…….
ਤੇ ਮੈਂ ਕਾਗਜ਼ ਤੇ ਡੁੱਲੀ ਸਿਆਹੀ ਵਾਂਗ
ਕੁੱਝ ਅੱਖਰ ਲੱਭਦਾ ਹਾਂ
ਪਰ ਸਾਰੇ ਹੀ ਅੱਖਰ ਰਲਗੱਡ ਹੋ ਜਾਂਦੇ ਹਨ
ਤੇ ਇੱਕੋ ਹੀ ਹੋ ਜਾਂਦਾ ਹੈ ਰੰਗ- ਕਾਲਾ ਸਿ਼ਆਹ……
ਮੇਰੇ ਸਤਕਾਰਤ ਵਾਰਸੋ ਅਧਿਆਪਕੋ
ਸ਼ਾਸਕੋ ਤੇ ਪ੍ਰਸ਼ਾਸਕੋ
ਕੀ ਇੰਝ ਹੀ ਮਰਦਾ ਰਹੇਗਾ ਬਚਪਨ…..?
ਕੀ ਇੰਝ ਹੀ ਡਰਦਾ ਰਹੇਗਾ ਬਚਪਨ…..?
ਤੋਤਲ਼ੀ ਜ਼ਬਾਨ ਦੇ ਇਹ ਬੋਲ
ਕੀ ਪਹੁੰਚਦੇ ਨਹੀਂ ਤੁਹਾਡੇ ਕੋਲ……?
ਲੈ ਲਓ ਮੈਥੋਂ ਮੇਰੇ ਹਟਕੋਰੇ ਖੋਹ ਲਓ ਚਿੰਤਾ ਲੈ ਜਾਓ ਝੋਰੇ
ਇਕ ਹੱਥ ਨੂੰ ਕਲਮ ਦੇ ਦਿਓ ਦੂਜੇ ਹੱਥ ਨੂੰ ਕਰਮ ਦੇ ਦਿਓ
ਮੱਥੇ ਨੂੰ ਇਕ ਜੋਤ ਦੇ ਦਿਓ ਬਸਤੇ ਨੂੰ ਬਸ ਛੋਟ ਦੇ ਦਿਓ
ਕਦੇ ਤਾਂ ਨਿਆਣੇ ਬਣ ਕੇ ਸੋਚੋ ਕਦੇ ਤਾਂ ਸਿਆਣੇ ਬਣ ਕੇ ਸੋਚੋ
ਜੰਗ ਲੱਗੇ ਹੋਏ ਜਿੰਦਰੇ ਤੋੜੋ ਮੈਨੂੰ ਮੇਰਾ ਬਚਪਨ ਮੋੜੋ…..
ਮੈਨੂੰ ਮੇਰਾ ਬਚਪਨ ਮੋੜੋ….

No comments:

Post a Comment