Friday 17 July 2009

ਸੁਫਨੇ ਦੇ ਵਿੱਚ ਸੁਫਨਾ ਸੀ ਆਇਆ
ਯਾਰ ਮੇਰੇ ਮੈਨੂੰ ਕੋਲ ਬਿਠਾਇਆ
ਮਿਲ ਲਏ ਫੇਰ ਅਸੀਂ ਗਲ ਲੱਗ ਕੇ
ਅੱਖ ਖੁੱਲ੍ਹੀ ਤਾਂ ਤੁਰ ਗਿਆ ਛੱਡ ਕੇ
ਰਹਿ ਗਈ ਕਹਾਣੀ ਦਿਲ ਲਾਣ ਦੀ...
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਮਗਨ ਬਦਾਮੀ ਖੁਸ਼ਬੋਈਆਂ ਵੰਡਦੀ
ਮੈਥੋਂ ਨਹੀਂ ਉਹ ਜੱਗ ਤੋਂ ਸੰਗਦੀ
ਗਲ੍ਹਾਂ ਉਹਦੀਆਂ ਵਿੱਚ ਟੋਏ ਫੱਬਦੇ
ਵਾਲਾਂ ਦੇ ਕੁੰਡਲ ਘਟਾਵਾਂ ਛੱਡਦੇ
ਵਾਹ ਕਿਆ ਅਦਾ ਮੁਸਕਾਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਪਹਿਲੀ ਛੋਹ ਉਹਦੀ ਝਰਨਾਟਾਂ ਛਿਡ਼ੀਆਂ
ਅੱਖੀਆਂ ਨਾਲ ਜਦ ਅੱਖੀਆਂ ਭਿਡ਼ੀਆਂ
ਸੁੰਨੀਆਂ ਗਲੀਆਂ ਤੇ ਭਖਣ ਬਨੇਰੇ
ਸਹਿਬਾਂ ਜਿਵੇਂ ਕੀਤੀ ਅਰਜ਼ ਹੁਜੇਰੇ
ਕਰੇ ਉਡੀਕ ਮਿਰਜ਼ੇ ਦੇ ਆਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

ਸਾਹੀਂ ਉਹਦੇ ਸ਼ਰਬਤ ਜਿਵੇਂ ਘੋਲਿਆ
ਕੰਨ ਕੋਲ ਆ ਹੌਲੀ ਜਿਹੀ ਬੋਲਿਆ
ਯਾਰ ਵਿੱਚ ਰੱਬ ਹੁੰਦਾ ਅੱਜ ਵੇਖਿਆ
ਭੁੱਲ ਨਾ ਤੂੰ ਜਾਵੀਂ ਸਾਨੂੰ ਰੱਬ ਵੇਖਿਆ
ਕਰ ਗਈ ਪੱਕੀ ਫਿਰ ਆਣ ਦੀ.....
ਇੱਕ ਭੁਲੇਖਾ ਜਿਹਾ ਉਹਦੇ ਆਉਣ ਦਾ
ਇੱਕ ਯਾਦ ਉਹਦੇ ਤੁਰ ਜਾਣ ਦੀ ।

No comments:

Post a Comment