Tuesday 13 October 2009

ਜ਼ਮਾਨੇ ਵਿੱਚ ਜਿਹਦੇ ਵੀ ਨਾਲ ਮਿਲਣਾ ਵਰਤਣਾ ਪੈਂਦੈ
ਬੜਾ ਕੁਝ ਦੇਖਣਾ ਪੈਂਦਾ,ਬੜਾ ਕੁਝ ਸੋਚਣਾ ਪੈਂਦੈ

ਸਮੇਂ ਦੇ ਨਾਲ ਬੰਦੇ ਨੂੰ ਵਤੀਰਾ ਬਦਲਣਾ ਪੈਂਦੈ
ਕਿਸੇ ਨੂੰ ਸੋਧਣਾ ਪੈਂਦੈ , ਕਿਸੇ ਨੂੰ ਬਖਸ਼ਣਾ ਪੈਂਦੈ

ਵਿਛੋੜਾ , ਮੇਲ, ਪਛਤਾਵਾ , ਕਦੇ ਗੁੱਸਾ , ਕਦੇ ਸ਼ਿਕਵਾ
ਮੁਹੱਬਤ ਦੇ ਪੁਜਾਰੀ ਨੂੰ ਹਮੇਸ਼ਾ ਝੱਲਣਾ ਪੈਂਦੈ

ਸਿਆਣੇ ਲੋਕ ਵੈਸੇ ਤਾਂ ਮਿਸਾਲਾਂ ਨਾਲ ਸਮਝਾਉਂਦੇ
ਕਿਸੇ ਮੌਕੇ ਇਸ਼ਾਰੇ ਚੋਂ ਰਮਜ਼ ਨੂੰ ਸਮਝਣਾ ਪੈਂਦੈ

ਮੁਹੱਬਤ ਇਹ ਨਹੀਂ , ਔਲਾਦ ਨੂੰ ਸਿਰ ਚਾੜ ਕੇ ਰੱਖੋ
ਕੁਰਾਹੇ ਪੈ ਰਿਹਾ ਬੱਚਾ, ਕਦੇ ਤਾਂ ਝਿੜਕਣਾ ਪੈਂਦੈ

ਖੌਰੇ ਵਾਪਿਸ ਹੀ ਆ ਜਾਵੇ ਉਹਦੀ ਹਾਰੀ ਹੋਈ ਦੌਲਤ
ਜੁਆਰੀ ਨੂੰ ਇਸੇ ਹੀ ਆਸ ਤੇ ਫਿਰ ਖੇਡਣਾ ਪੈਂਦੈ

ਅਜੇ ਤੱਕ ਲੋਕ ਸਮਝੇ ਨਾ , ਕੀ ਹੁੰਦੀ ਵੋਟ ਦੀ ਤਾਕਤ
ਇਸੇ ਕਰਕੇ ਕੁਤਾਹੀ ਦਾ , ਨਤੀਜਾ ਭੁਗਤਣਾ ਪੈਂਦੈ

ਨਹੀਂ ਹੁੰਦਾ ਭਲਾ ਏਦਾਂ ' ਭਲਾ ' ਆਖੋ ਜੇ ਹਰ ਵੇਲੇ
ਭਲੇ ਦੇ ਵਾਸਤੇ ਯਾਰੋ, ' ਬੁਰਾ ' ਵੀ ਬੋਲਣਾ ਪੈਂਦੈ

ਬੜਾ ਇਨਸਾਫ ਕਰਦੇ ਨੇ , ਉਹ ਕਾਤਿਲ ਤੱਕ ਬਰੀ ਕਰਕੇ
ਤਦੇ ਨਿਰਦੋਸ਼ ਲੋਕਾਂ ਨੂੰ , ਸਜ਼ਾ ਨੂੰ ਭੁਗਤਣਾ ਪੈਂਦੈ

ਨਹੀਂ ਬਣਦਾ ਕਦੇ ਮੰਜ਼ਿਲ , ਚੁਰਸਤੇ ਦਾ ਹਰੇਕ ਰਸਤਾ
ਕਿਸੇ ਤੋਂ ਪਰਤਣਾ ਪੈਂਦੈ , ਕਿਸੇ ਤੇ ਭਟਕਣਾ ਪੈਂਦੈ

ਅਗਰ ਅਣਜਾਣ ਏਂ ਤਾਂ ਜਾਂਚ ਇਹ ਸਿੱਖ ਲੈ ਪਰਿੰਦੇ ਤੋਂ
ਉਡਾਰੀ ਭਰਨ ਤੋਂ ਪਹਿਲਾਂ
"ਕੰਗ" ਪਰਾਂ ਨੂੰ ਤੋਲਣਾ ਪੈਂਦੈ

ਨਾ ਛਾਲਾਂ ਮਾਰ ਤੂੰ "ਕੰਗ" ਤਸੱਲੀ ਨਾਲ ਚੜ੍ ਹਰ ਪਾਉੜੀ
ਕਦਮ ਉਖੜੇ ਤਾਂ ਹੇਠਾਂ ਨੂੰ, ਸਿਖ਼ਰ ਤੋਂ ਡਿੱਗਣਾ ਹੈ ਪੈਂਦਾ |

No comments:

Post a Comment