Monday 21 December 2009

ਉਸਦੀ ਵਫ਼ਾ ਨੂੰ ਹੋਰ ਨਾ , ਅਜ਼ਮਾਣ ਦੀ ਕੋਸ਼ਿਸ਼ ਕਰੀਂ |
ਰੋਸੇ ਮਿਟਾ ਕੇ ਯਾਰ ਨੂੰ , ਗਲ਼ ਲਾਣ ਦੀ ਕੋਸ਼ਿਸ਼ ਕਰੀਂ |

ਪੱਕਾ ਠਿਕਾਣਾ ਵੀ ਬਣਾ , ਬੇਸ਼ੱਕ ਬਿਗਾਨੇ ਦੇਸ਼ ਵਿੱਚ,
ਫਿਰ ਵੀ ਕਦੇ, ਇਸ ਦੇਸ਼ ਵਿੱਚ , ਮੁੜ ਆਣ ਦੀ ਕੋਸ਼ਿਸ਼ ਕਰੀਂ |

ਅਪਨੇ ਗ਼ਮਾਂ ਨੂੰ , ਸੋਗ ਨੂੰ , ਦਿਲ ਵਿੱਚ ਛੁਪਾ ਕੇ ਵੀ ਕਦੇ,
ਸਭ ਦੀ ਖੁਸ਼ੀ ਦੇ ਵਾਸਤੇ , ਮੁਸਕਾਣ ਦੀ ਕੋਸ਼ਿਸ਼ ਕਰੀਂ |

ਦੇਖੀਂ ਕਿਤੇ ਨਾ ਦੂਰ ਹੀ , ਰੁੱਸ ਕੇ ਚਲੇ ਜਾਵੀਂ ਘਰੋਂ ,
ਸਭ ਕੁਝ ਭੁਲਾ ਕੇ ਸ਼ਾਮ ਤੱਕ , ਘਰ ਆਣ ਦੀ ਕੋਸ਼ਿਸ਼ ਕਰੀਂ |

ਔਵੇਂ ਸਹਾਰੇ ਵਾਸਤੇ , ਤਿਨਕੇ ਰਹੀਂ ਨਾ ਭਾਲਦਾ ,
ਹਿੰਮਤ ਕਰੀਂ , ਪਰਲੇ ਕਿਨਾਰੇ ਜਾਣ ਦੀ ਕੋਸ਼ਿਸ਼ ਕਰੀਂ |

ਲਾਉਂਦਾ ਰਿਹੈ ਤੇ ਲਾਏਗਾ , ਤੈਨੂੰ ਜ਼ਮਾਨਾ ਫੱਟ ਬੜੇ ,
ਪਰ ਤੂੰ ਕਿਸੇ ਦੇ ਜ਼ਖ਼ਮ ਨੂੰ , ਸਹਿਲਾਣ ਦੀ ਕੋਸ਼ਿਸ਼ ਕਰੀਂ |

No comments:

Post a Comment