Monday 21 December 2009

ਲੋਕੀਂ ਪਿਆਰਾਂ ਨੂੰ ਕਲਾਵੇ ਲੈ ਘੂਕ ਸੌਂ ਗਏ,
ਅਸੀਂ ਰੁੱਸੀਆਂ ਮੁਹੱਬਤਾਂ ਮਨਾਉਂਦੇ ਰਹਿ ਗਏ ।

ਸਾਡੀ ਇਕ ਵੀ ਨਾ ਸੁਣੀ ਉਹ ਕਠੋਰ ਦਿਲ ਨੇ,
ਅਸੀਂ ਹੱਥ ਜੋੜ ਤਰਲੇ ਪਾਉਂਦੇ ਰਹਿ ਗਏ ।

ਉਹ ਤੁਰਗੇ ਝੰਜੋੜ ਕੇ ਪਿਆਸੇ ਦਿਲ ਨੂੰ,
ਅਸੀਂ ਹੌਕਿਆਂ ਦੇ ਹਾਸੇ ਜਿਹੇ ਬਣਾਉਂਦੇ ਰਹਿ ਗਏ ।

ਉਹ ਕਾਫ਼ਲੇ 'ਨਾ ਰਲ੍ਹ ਮੰਜ਼ਲਾਂ ਨੂੰ ਧਾਅ ਗਏ,
ਅਸੀਂ ਥਲਾਂ ਵਿੱਚ ਤਲ੍ਹੀਆਂ ਮਚਾਉਂਦੇ ਰਹਿ ਗਏ ।

ਉਹਨਾਂ ਖ਼ਤ ਵੀ ਨਾ ਹੱਥ ਕਦੇ ਦਿੱਤਾ ਡਾਕੀਏ,
ਅਸੀਂ ਭੱਜ ਭੱਜ ਬੂਹੇ ਤਕ ਆਉਂਦੇ ਰਹਿ ਗਏ ।

ਕਾਸ਼ ਝੂਠਾ-ਮੂਠਾ ਆਉਂਣ ਦਾ ਉਹ ਲਾਰਾ ਲਾ ਜਾਂਦੇ,
ਅਸੀਂ ਸੁੰਨੇ ਵਿਹੜੇ ਔਸੀਆਂ ਨੂੰ ਪਾਉਂਦੇ ਰਹਿ ਗਏ ।

ਉਹ ਸੁਫ਼ਨੇ 'ਚ ਆਉਣੋਂ ਵੀ ਇਨਕਾਰੀ ਹੋ ਗਏ,
ਅਸੀਂ ਜਾਗੋਮੀਟੇ ਨੈਣਾਂ 'ਚ ਲਿਆਉਂਦੇ ਰਹਿ ਗਏ ।

ਸਾਡੇ ਕਾਲਿਆਂ ਨੂੰ ਚਿੱਟਾ ਜਾਏ ਰੰਗ ਚੜ੍ਹਿਆ,
ਅਸੀਂ ਹਾਰਾਂ ਤੇ ਸ਼ਿੰਗਾਰਾਂ ਨੂੰ ਲਗਾਉਂਦੇ ਰਹਿ ਗਏ ।

ਉਹਦੇ ਆਉਣ ਦੀਆਂ ਆਸਾਂ ਦੇ ਜੋ ਬਾਲੇ ਦੀਵੇ ਸੀ,
ਅਸੀਂ ਲੌਆਂ ਨੂੰ ਹੀ ਵਾਅ ਤੋਂ ਬਚਾਉਂਦੇ ਰਹਿ ਗਏ ।

ਕਿਸੇ ਹੋਰ ਨਾਲ ਟੁਰ ਗਏ ਉਹ ਡੋਲੀ ਚੜ੍ਹਕੇ,
ਅਸੀਂ ਸੱਜਣਾਂ ਲਈ ਸੇਜ਼ ਨੂੰ ਵਿਛਾਉਂਦੇ ਰਹਿ ਗਏ ।

ਗ਼ੈਰਾਂ ਨੂੰ ਉਹ ਬਾਗ਼ਾਂ 'ਚ ਚੂਪਾਉਂਣ ਅੰਬੀਆਂ,
ਅਸੀਂ ਪਾਣੀ ਭਰ ਮਸ਼ਕਾਂ ਪਾਉਂਦੇ ਰਹਿ ਗਏ ।

ਯਾਰ ਵਫ਼ਾ ਦੀਆਂ ਬੇੜੀਆਂ ਨੂੰ ਵਿੱਚੇ ਡੋਬ ਗਏ,
ਅਸੀਂ ਹਾੜ੍ਹਿਆਂ ਦੇ ਚੱਪੂ ਜੇ ਚਲਾਉਂਦੇ ਰਹਿ ਗਏ ।

ਉਹ ਲੈਲਾ ਦੇ ਨਾਂਉਂ ਨੂੰ ਵੀ ਲਾਜ ਲਾ ਗਏ,
ਅਸੀਂ ਲੋਕਾਂ ਕੋਲੋਂ ਮਜਨੂੰ ਕਹਾਉਂਦੇ ਰਹਿ ਗਏ ।

ਭਾਵੇਂ ਕਿਸੇ ਵੀ ਜਨਮ ਉਹ ਆਉਣ ਮੁੜ ਕੇ,
ਅਸੀਂ ਰੱਬ ਵਾਂਗ ਯਾਰ ਨੂੰ ਧਿਆਉਂਦੇ ਰਹਿ ਗਏ.....

No comments:

Post a Comment