Saturday 27 June 2009

ਬੰਦਿਆ ਪਰਉਪਕਾਰ ਕਮਾ ਲੈ । ਜਿ਼ੰਦਗੀ ਵਿੱਚ ਕੁੱਝ ਨਾਮ ਬਣਾ ਲੈ ।
ਬੰਜਰ ਭੁੰਇ ਦੀ ਸੇਜੀ ਕਰਕੇ ਰੱਕੜਾਂ ਨੂੰ ਗੁਲਜ਼ਾਰ ਬਣਾ ਲੈ ।
ਲੈ ਕੇ ਹੱਥ ਕੁਹਾੜਾ ਵੱਢ ਕੇ ਰੋੜ੍ਹੀ ਨਾ,ਰੋੜ੍ਹੀ ਨਾ ਰੁੱਖਾਂ ਨੂੰ ਛਾਵਾਂ ਦੇਦਿਆਂ ।
ਤੋੜੀ ਨਾ, ਤੋੜੀ ਨਾ ਫੁੱਲਾਂ ਨੂੰ ਮਹਿਕ ਵੰਡੇਦਿਆਂ ।

ਦੁਨੀਆਂ ਦੀ ਰਹਿ ਸੇਵਾ ਕਰਦਾ । ਸੰਭਲ ਬੋਚ ਰਹਿ ਅੱਗੇ ਵਧਦਾ ।
ਮਨ ਨੂੰ ਨੀਵਾਂ ਜੀਭ ‘ਚ ਮਿਸਰੀ, ਪ੍ਰੀਤ ਨਾਲ ਰਹਿ ਵਿਹੜਾ ਭਰਦਾ ।
ਕੌੜੇ ਬਚਨ ਸੁਣਾ ਕੇ ਮੂੰਹੋ ਹੋੜ੍ਹੀ ਨਾ,ਹੋੜ੍ਹੀ ਨਾ ਬਾਲਾਂ ਨੂੰ ਖੇਡ ਖਡੇਦਿਆਂ ।
ਤੋੜੀ ਨਾ………

ਸਿਖਦਾ ਰਹਿ ਕੁੱਝ ਗਿਆਨ ਵਧਾਅ ਲੈ । ਅਕਲਾਂ ਦੇ ਨਾਲ ਆੜੀ ਪਾ ਲੈ ।
ਮਿਹਰਾਂ ਦੇ ਸੱਚੇ ਸਾਈ ਨੂੰ, ਅਪਣੇ ਹਿਰਦੇ ਵਿੱਚ ਵਸਾ ਲੈ ।
ਇਹ ਮਨ ਤੇਰਾ ਚੰਚਲ ਪਾਸੇ ਮੋੜੀ ਨਾ,ਮੋੜੀ ਨਾ ਅਕਲਾਂ ਦੀ ਗੱਲ ਸੁਣੇਦਿਆਂ ।
ਤੋੜੀ ਨਾ………

ਕਰਦਾ ਰਹਿ ਸੁਭਕਰਮ ਕਮਾਈ । ਲੋੜਵੰਦੀ ਵੰਡਦਾ ਰਹਿ ਭਾਈ ।
ਪਾਕ ਪਵਿੱਤਰ ਜੂਨੀ ਬੰਦਿਆ, ਐਸੀ ਤੇਰੇ ਹਿੱਸੇ ਆਈ ।
ਹੁੰਦੇ ਸੁੰਦੇ ਐਵੇ ਦੇਖੀ ਮੋੜੀ ਨਾ,ਮੋੜੀ ਨਾ ਦਰ ਆਏ ਭੀਖ ਮੰਗੇਦਿਆਂ ।
ਤੋੜੀ ਨਾ………

ਮੰਨਦਾ ਰਹਿ ਮਾਪਿਆਂ ਦਾ ਕਹਿਣਾ । ਸਦਾ ਇਹਨਾਂ ਨੇ ਸਾਥ ਨਈ ਰਹਿਣਾ ।
ਇੱਕ ਦਿਨ ਜਗ ਤੋ ਤੁਰ ਜਾਵਣਗੇ, ਫਿਰ ਤੈਨੂੰ ਪੁੱਤ ਕਿਸੇ ਨਾ ਕਹਿਣਾ ।
ਮਾਪਿਆਂ ਦਾ ਮਨ ਸ਼ੀਸ਼ਾ ਐਵੇ ਤੋੜੀ ਨਾ,ਤੋੜੀ ਨਾ ਵਿੱਚ ਅਪਣੀ ਮੱਤ ਰਲੇਦਿਆਂ ।
ਤੋੜੀ ਨਾ……..

ਮਾਇਆ ਜੋੜੀ ਝਗੜੇ ਪਾਊ । ਨੇਕੀ ਤੇਰਾ ਸਾਥ ਨਿਭਾਊ ।
ਮੋਇਆਂ ਮਗਰੋ ਚੰਗਾਮਾੜਾ, ਦੁਨੀਆਂ ਸਭ ਨੂੰ ਆਖ ਸੁਣਾਊ ।
ਸਿਰ ਦੇਵੀ ਬਾਂਹ ਫੜਕੇ ਸੰਧੂ ਛੋੜੀ ਨਾ,ਛੋੜੀ ਨਾ ਮਿੱਤਰ ਨੂੰ ਦੁੱਖ ਝਲੇਦਿਆਂ ।
ਤੋੜੀ ਨਾ………

No comments:

Post a Comment